ਮਾਂ ਬੋਲੀ ਪੰਜਾਬੀ ਦੀ ਸੇਵਾ 'ਚ ਯਤਨਸ਼ੀਲ www.HIMMATPURA.com 'ਚ ਤੁਹਾਡਾ ਸਵਾਗਤ ਹੈ..

ਕਬੱਡੀ ਦੇ ਧੱਕੜ ਜਾਫੀਆਂ 'ਚ ਸ਼ੁਮਾਰ "ਪ੍ਰਗਟ ਹਿੰਮਤਪੁਰੀਆ"


ਮਨਦੀਪ ਖੁਰਮੀ ਹਿੰਮਤਪੁਰਾ
ਕਬੱਡੀ ਦੇ ਮੈਚ ਚੱਲ ਰਹੇ ਹੋਣ, ਕੌਡੀ 'ਤੇ ਕੌਡੀ ਪੈਂਦੀ ਹੋਵੇ, ਗੂੜ੍ਹੇ ਜਿਹੇ ਰੰਗ ਦਾ ਪਰ ਲਵਾ ਜਿਹਾ ਮੁੰਡਾ ਰੇਡਰ ਨੂੰ ਖੁਦ 'ਟੱਚ' ਲਾ ਕੇ ਉਹਦੇ ਪੈਰ ਮਿੱਧਦਾ ਫਿਰਦਾ ਹੋਵੇ, ਜੇ ਰੇਡਰ ਥੋੜ੍ਹੀ 'ਅੱਤੜ' ਜਿਹੀ ਕਰੇ ਤਾਂ ਥੱਪੜਾਂ ਦਾ 'ਚੱਕਰੀ ਗੇੜਾ' ਬੰਨ੍ਹੀ ਫਿਰਦਾ ਹੋਵੇ ਤਾਂ ਸਮਝ ਲਵੋ ਕਿ ਇਹੀ ਅੰਤਰ-ਰਾਸਟਰੀ ਕਬੱਡੀ ਜਾਫੀ ਪ੍ਰਗਟ ਹਿੰਮਤਪੁਰੀਆ ਹੈ।
ਅਜੇ ਕੱਲ੍ਹ ਪਰਸੋਂ ਦੀਆਂ ਗੱਲਾਂ ਹਨ ਕਿ 33-35 ਕਿਲੋ ਵਜਨੀ ਕਬੱਡੀ ਖੇਡਦਿਆਂ ਪ੍ਰਗਟ ਰੇਡਰ ਨੂੰ ਜੱਫਾ ਲਾਉਣ ਲਈ ਰੋਕਿਆਂ ਨਹੀਂ ਸੀ ਰੁਕਦਾ ਹੁੰਦਾ। ਇੱਕ ਗਰੀਬ ਪਰਿਵਾਰ 'ਚ ਜਨਮ ਲੈਕੇ ਪਿਤਾ ਦਰਸ਼ਨ ਸਿੰਘ ਤੇ ਮਾਤਾ ਮਲਕੀਤ ਕੌਰ ਦਾ ਪ੍ਰਗਟ ਆਪਣੇ ਹਾਣ ਤੇ ਵਜਨ ਤੋਂ ਕਿਤੇ ਡਾਹਢਿਆਂ ਨੂੰ ਧੱਕੇ ਨਾਲ ਗੋਡਿਆਂ ਪਰਨੇ ਕਰਨ ਦੇ ਕਾਬਲ ਹੋ ਚੁੱਕਾ ਹੈ। ਉਮਰ ਦੇ ਢਾਈ ਦਹਾਕੇ ਹੰਢਾ ਚੁੱਕੇ ਪ੍ਰਗਟ ਨੇ ਆਪਣੇ ਬਚਪਨ ਦੇ ਖਿਡਾਰੀ ਸਾਥੀਆਂ ਭਿੰਦੀ ਹਿੰਮਤਪੁਰਾ, ਸਿਕੰਦਰ ਬੋਲਾ ਉਰਫ ਸਕੱਡ ਮਿਜਾਈਲ (ਦੋਵੇਂ ਰੇਡਰ), ਸੀਵਨ, ਟੋਨੀ ਤੇ ਵਿੱਕੀ ਵਰਗਿਆਂ ਨਾਲ ਕਦਮ ਦਰ ਕਦਮ ਭਾਵ 45 ਕਿਲੋ, 53 ਕਿਲੋ, 57 ਕਿਲੋ, 62 ਕਿਲੋ ਵਜਨੀ ਕਬੱਡੀ ਖੇਡਦਿਆਂ ਉਹਨਾਂ ਪੰਜਾਬ ਦਾ ਸ਼ਾਇਦ ਹੀ ਕੋਈ ਸਿਰਕੱਢਵਾਂ ਖੇਡ ਮੇਲਾ ਛੱਡਿਆ ਹੋਵੇਗਾ ਜਿੱਥੇ ਹਿੰਮਤਪੁਰੇ ਦੇ ਨਾਂ ਦੀ ਝੰਡੀ ਨਾ ਗੱਡੀ ਹੋਵੇ। ਘੱਟ ਵਜਨ ਵੇਲੇ ਵੀ ਉਹ ਪਿੰਡ ਦੀ ਓਪਨ ਟੀਮ Ḕਚ ਧੱਕੇ ਨਾਲ ਖੇਡਣ ਵੜ ਜਾਂਦਾ ਸੀ ਤੇ ਓਪਨ ਪਿੰਡ ਵਾਰ ਕਲੱਬਾਂ ਦੇ ਬੁਲਡੋਜਰਾਂ ਵਰਗੇ ਰੇਡਰਾਂ ਨੂੰ ਵੀ ਜੱਫਾ ਲਾਉਣ ਲਈ ਝਈਆਂ ਲੈ-ਲੈ ਪੈਂਦਾ ਹੁੰਦਾ ਸੀ ਪ੍ਰਗਟ। ਛੋਟੀ ਉਮਰੇ ਹੀ ਕਬੱਡੀ ਖੇਡ ਦੇ ਦਾਅ-ਪੇਚਾਂ ਦਾ ਭੇਤ ਪਾ ਲੈਣ ਨੇ ਹੀ ਉਸਨੂੰ ਇੱਕ ਸਥਾਪਿਤ ਜਾਫੀ ਵਜੋਂ ਪੇਸ਼ ਕੀਤਾ ਹੈ। ਹੱਡ ਭੰਨ੍ਹਵੀ ਮਿਹਨਤ ਕਰਕੇ ਪ੍ਰਗਟ ਦੇ ਮਿਸਾਲ ਪੈਦਾ ਕਰ ਦਿੱਤੀ ਹੈ ਕਿ ਗਰੀਬੀ ਇਨਸਾਨ ਦੇ ਰਾਹ Ḕਚ ਕਦੇ ਵੀ ਰੋੜਾ ਨਹੀਂ ਬਣ ਸਕਦੀ, ਜਰੂਰੀ ਇਹ ਹੈ ਕਿ ਇਨਸਾਨ ਦੇ ਹੌਸਲੇ ਪਰਬਤਾਂ ਨਾਲੋਂ ਵੀ ਵਿਸ਼ਾਲ ਕੱਦ ਰੱਖਦੇ ਹੋਣ। ਪ੍ਰਗਟ ਦੀ ਖੇਡ ਦੀ ਖਾਸੀਅਤ ਹੈ ਕਿ ਉਹ ਰੇਡ ਪਾਉਣ ਆਏ ਰੇਡਰ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਦਿੰਦਾ ਸਗੋਂ ਪਹਿਲਾਂ ਹੀ ਉਸ ਉੱਪਰ ਬਾਜ ਵਾਂਗ ਝਪਟ ਪੈਂਦਾ ਹੈ। ਫਿਰ ਰੇਡਰ ਦੀ ਉਹ 'ਸੇਵਾ' ਕਰਦਾ ਹੈ ਕਿ ਢੇਰੀਆਂ ਦੂਰ ਦਿਸਣ ਲੱਗ ਜਾਂਦੀਆਂ ਹਨ। ਇਸੇ ਹੁਨਰ ਨੇ ਪ੍ਰਗਟ ਨੂੰ ਹਿੰਮਤਪੁਰੇ ਦੇ ਖੇਡ ਮੈਦਾਨ ਤੋਂ ਸਿੱਧਾ ਇੰਗਲੈਂਡ ਦੀਆਂ ਖੇਡ ਮੈਦਾਨਾਂ ਵਿੱਚ ਰੇਡਰਾਂ ਨੂੰ 'ਦੱਖੂ-ਦਾਣਾ' ਦੇਣ ਦਾ ਮੌਕਾ ਦਿਵਾਇਆ।
ਬੇਸ਼ੱਕ ਸਕੂਲ ਦੀ ਕੰਧ ਨਾਲ ਕੰਧ ਸਾਂਝੀ ਹੋਣ ਕਾਰਨ ਵੀ ਉਹ ਪੜ੍ਹਾਈ ਵੱਲ ਵਧੇਰੇ ਰੁਚਿਤ ਨਾ ਹੋ ਸਕਿਆ ਪਰ ਕਬੱਡੀ ਦੇ ਮੈਦਾਨ ਨਾਲ ਘਰ ਦੀ ਪਿੱਠ ਲਗਦੇ ਹੋਣ ਨੇ ਖੂਬ ਅਸਰ ਦਿਖਾਇਆ। ਜਿਹਨਾਂ ਖਿਡਾਰੀਆਂ ਨੂੰ ਓਹ ਕੋਠੇ ਤੇ ਬੈਠ ਕੇ ਖੇਡਦਿਆਂ ਦੇਖਦਾ ਹੁੰਦਾ ਸੀ ਉਹੀ ਅੱਜ ਮਾਣ ਨਾਲ ਕਹਿੰਦੇ ਹਨ,"ਵਾਹ ਓਏ ਪ੍ਰਗਟਾ, ਮਨ ਖੁਸ਼ ਕਰਤਾ ਈ ਓਏ ਪਿੰਡ ਦਾ ਨਾਂ ਚਮਕਾ ਕੇ।" ਪੰਜਾਬ ਦੇ ਖੇਡ ਮੇਲਿਆਂ 'ਚੋਂ ਪ੍ਰਗਟ ਦੀ ਖੇਡ ਦੀ ਚਰਚਾ ਕੋਟਲੀ ਥਾਨ ਸਿੰਘ (ਜਲੰਧਰ) ਪਹੁੰਚੀ ਤਾਂ ਵਿਸ਼ਵ ਪ੍ਰਸਿੱਧ ਕਬੱਡੀ ਕੋਚ ਸੁਖਮਿੰਦਰ ਸਿੰਘ ਸੁੱਖੀ ਭਾਗੀਕੇ ਨੇ ਪ੍ਰਗਟ ਨੂੰ ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ 'ਚ ਦਾਖਲਾ ਦੇ ਦਿੱਤਾ। ਆਪਣੀ ਅਣਥੱਕ ਮਿਹਨਤ ਸਦਕਾ ਇਸ ਵਾਰ ਪ੍ਰਗਟ ਦਾ ਇੰਗਲੈਂਡ ਕਬੱਡੀ ਕੱਪਾਂ Ḕਚ ਦੂਜਾ ਗੇੜਾ ਹੈ। ਇਹਨੀਂ ਦਿਨੀਂ ਉਹ ਉੱਘੇ ਪ੍ਰਮੋਟਰ ਸਤਨਾਮ ਸਿੰਘ ਗਿੱਲ ਦੀ ਕਵੈਂਟਰੀ ਏਸੀਅਨ ਸਪੋਰਟਸ ਕਲੱਬ ਵੱਲੋਂ ਖੇਡਦਿਆਂ ਦੋ ਵਾਰ "ਬੈਸਟ ਸਟਾਪਰ" ਦੇ ਖਿਤਾਬ ਆਪਣੀ ਝੋਲੀ ਪੁਆ ਚੁੱਕਾ ਹੈ। ਆਸ ਹੈ ਕਿ ਪ੍ਰਗਟ ਆਪਣੇ ਚਹੇਤਿਆਂ ਦਾ ਮਾਣ ਕਦੇ ਨਹੀਂ ਟੁੱਟਣ ਦੇਵੇਗਾ।

No comments:

Post a Comment