ਮਾਂ ਬੋਲੀ ਪੰਜਾਬੀ ਦੀ ਸੇਵਾ 'ਚ ਯਤਨਸ਼ੀਲ www.HIMMATPURA.com 'ਚ ਤੁਹਾਡਾ ਸਵਾਗਤ ਹੈ..

ਕਬੱਡੀ ਮੈਦਾਨਾਂ ਦਾ "ਉੱਡਣਾ ਪੰਛੀ" ਹਿੰਮਤਪੁਰੀਆ ਗੁੱਗੂ


ਮਨਦੀਪ ਖੁਰਮੀ ਹਿੰਮਤਪੁਰਾ
ਪੰਜਾਬੀਆਂ ਦੀ ਪਿਤਾ ਪੁਰਖੀ ਖੇਡ ਕਬੱਡੀ ਆਪਣੇ ਜੋਰਾਵਰ ਪੁੱਤਰਾਂ ਸਦਕਾ ਸਮੁੱਚੇ ਵਿਸ਼ਵ ਭਰ 'ਚ ਆਪਣੇ ਮੋਹ ਦੀਆਂ ਤੰਦਾਂ ਖਿਲਾਰੀ ਬੈਠੀ ਹੈ। ਜਿਸ ਦੀ ਗੋਦੀ ਚੜ੍ਹਕੇ ਬੇਅੰਤ ਕਬੱਡੀ ਖਿਡਾਰੀ ਸੱਤ ਸਮੁੰਦਰ ਪਾਰ ਜਾ ਕੇ ਵੀ ਪੰਜਾਬ ਦੇ ਨਾਂ ਨੂੰ ਚਾਰ ਚੰਨ ਲਾ ਰਹੇ ਹਨ। ਆਪਣੀ ਖੇਡ ਸਦਕਾ ਜਿੱਥੇ ਉਹ ਪੰਜਾਬ ਦੇ ਖੇਡ ਸੱਭਿਆਚਾਰ ਨੂੰ ਅੱਗੇ ਤੋਰ ਰਹੇ ਹਨ ਉੱਥੇ ਲੱਖਾਂ ਹੀ ਦੇਸ ਵਿਦੇਸ਼ ਵਿੱਚ ਵਸੇ ਖੇਡ ਪ੍ਰੇਮੀਆਂ ਦੇ ਦਿਲਾਂ ਤੇ ਰਾਜ ਵੀ ਕਰਦੇ ਹਨ। ਅਜਿਹੀ ਪ੍ਰਸਿੱਧੀ ਕਿਸੇ ਕਿਸੇ ਦੇ ਮੱਥੇ ਦੀ ਲਕੀਰ ਹੀ ਬਣਦੀ ਹੈ ਕਿਉਂਕਿ ਕਬੱਡੀ ਇੱਕ ਅਜਿਹੀ ਖੇਡ ਹੈ ਜਿਸ ਵਿੱਚ ਮਾੜੇ ਧੀੜੇ ਦਾ ਤੀਰ ਤੁੱਕਾ ਨਹੀਂ ਚਲਦਾ ਬਲਕਿ "ਵੜੇਵੇਂ ਖਾਣੀ ਹੀ ਨਿੱਤਰਦੀ ਐ" ਕਬੱਡੀ ਖੇਡ ਸਿਰ ਸਜੇ ਤਾਜ ਵਿੱਚ ਜੜੇ ਜਾ ਚੁੱਕੇ ਜਾਂ ਪ੍ਰਵਾਨ ਚੜ੍ਹ ਚੁੱਕੇ ਹੀਰਿਆਂ ਦੀ ਗੱਲ ਕਰੀਏ ਤਾਂ 6 ਫੁੱਟ ਲੰਮ-ਸਲੰਮੇ ਤੂਤ ਦੀ ਲਗਰ ਵਰਗੇ ਚੋਬਰ ਗੁੱਗੂ ਹਿੰਮਤਪੁਰੀਏ ਦਾ ਨਾਂ ਅੱਜ-ਕੱਲ੍ਹ ਚੋਟੀ ਦੇ ਕਬੱਡੀ ਧਾਵੀਆਂ 'ਚ ਸ਼ੁਮਾਰ ਹੈ।
ਖੇਤੀਬਾੜੀ ਦਾ ਸੰਦ "ਕਹੀਆਂ" ਬਣਾਉਣ 'ਚ ਵਿਸ਼ਵ ਪ੍ਰਸਿੱਧ ਪਿੰਡ ਹਿੰਮਤਪੁਰਾ (ਜਿਲ੍ਹਾ ਮੋਗਾ) ਦੇ ਲੋਕਾਂ ਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਗੁੱਗੂ ਨਾਂ ਦਾ ਅੰਤਾਂ ਦਾ ਸੰਗਾਊ ਜਿਹਾ ਮੁੰਡਾ ਹਿੰਮਤਪੁਰੇ ਦਾ ਨਾਂ ਦੁਨੀਆਂ ਦੇ ਕੋਨੇ ਕੋਨੇ 'ਚ ਬੈਠੇ ਖੇਡ ਪ੍ਰੇਮੀਆਂ ਦੇ ਬੁੱਲ੍ਹਾਂ ਤੇ ਲਿਆ ਦੇਵੇਗਾ। ਚੌਵੀ ਕੁ ਬਹਾਰਾਂ ਹੰਢਾ ਚੁੱਕਾ,ਕਬੱਡੀ ਨੂੰ ਸਾਧਨਾ ਮੰਨਣ ਵਾਲਾ ਤੇ ਘੋੜੀਆਂ ਰੱਖਣ ਦਾ ਸ਼ੌਂਕੀ ਗੁੱਗੂ ਆਪਣੇ ਪਿਤਾ ਹਰਜਿੰਦਰ ਸਿੰਘ ਤੇ ਮਾਤਾ ਗੁਰਮੀਤ ਕੌਰ ਦੇ ਤਿੰਨਾਂ ਪੁੱਤਰਾਂ 'ਚੋਂ ਸਭ ਤੋਂ ਛੋਟਾ ਹੈ। ਖੇਤੀਬਾੜੀ 'ਚ ਬਿਜੜੇ ਵਾਂਗ ਹਰ ਸਮੇਂ ਰੁੱਝੇ ਰਹਿਣ ਵਾਲੇ ਪਰਿਵਾਰ ਨੇ ਕਦੇ ਤਸੱਵਰ ਵੀ ਨਹੀਂ ਕੀਤਾ ਹੋਣਾ ਕਿ ਲੱਪ-ਗਲੱਪੀਂ ਖਾਧੀ ਹੋਈ ਮਲਾਈ ਦਾ ਜ਼ੋਰ ਗੁੱਗੂ ਨੂੰ ਕਬੱਡੀ ਦੇ ਮੈਦਾਨ 'ਚ ਕੱਪੜੇ ਉਤਾਰਨ ਲਈ ਮਜ਼ਬੂਰ ਕਰ ਦੇਵੇਗਾ। ਇਹ ਆਮ ਕਿਹਾ ਜਾਂਦੈ ਕਿ ਬੱਚੇ ਨੂੰ ਛੋਟੇ ਹੁੰਦਿਆਂ ਜਿਸ ਖੇਡ 'ਚ ਪਾਇਆ ਜਾਵੇ ਉਹ ਉਸੇ 'ਚ ਹੀ ਬਿਹਤਰ ਕਾਰਗੁਜਾਰੀ ਕਰ ਸਕਦਾ ਹੈ ਪਰ ਗੁੱਗੂ ਨੇ ਇਸ ਗੱਲ ਨੂੰ ਝੁਠਲਾ ਦਿੱਤੈ ਕਿਉਂਕਿ ਛੋਟੇ ਹੁੰਦਿਆਂ ਤੋਂ ਉਹਦਾ ਖੇਡਾਂ ਨਾਲ ਘੱਟ ਹੀ ਵਾਹ ਵਾਸਤਾ ਰਿਹਾ। ਸਕੂਲੋਂ ਆਉਣਾ ਤਾਂ ਚੱਲ ਬਈ ਗੁੱਗੂ ਖੇਤ।
ਗੁੱਗੂ ਨੇ ਸਫਲਤਾ ਲਈ ਪੌੜੀ ਦੇ ਪਹਿਲੇ ਡੰਡੇ ਤੇ ਪੈਰ ਨਹੀਂ ਧਰਿਆ ਸਗੋਂ ਸਿੱਧਾ ਆਖਰੀ ਡੰਡੇ ਨੂੰ ਹੀ ਜਾ ਹੱਥ ਪਾਇਆ। ਉਮਰ ਦੇ 21ਵੇਂ ਵਰ੍ਹੇ ਐਸੀ ਚਿਣਗ ਉੱਠੀ ਕਿ ਗੁੱਗੂ ਨੇ ਨਿਰੰਤਰ ਕਬੱਡੀ ਦਾ ਅਭਿਆਸ ਕਰਨਾ ਸ਼ੁਰੂ ਕਰ ਕੇ ਸਿੱਧਾ ਓਪਨ ਪਿੰਡ ਵਾਰ ਕਬੱਡੀ ਮੁਕਾਬਲਿਆਂ 'ਚ ਜਾ ਨਿੱਤਰਿਆ। ਕਹਿੰਦੇ ਨੇ ਕਿ ਸੱਚੇ ਦਿਲੋਂ ਕੀਤੀ ਤਪੱਸਿਆ ਜਰੂਰ ਪ੍ਰਵਾਨ ਚੜ੍ਹਦੀ ਹੈ । ਗੱਲ ਸੱਚ ਹੋਈ ਤੇ ਪਹਿਲੇ ਸਾਲ ਹੀ ਹਿੰਮਤਪੁਰੇ ਦੀ ਟੀਮ ਵੱਲੋਂ ਰੇਡਾਂ ਮਾਰਦਿਆਂ ਗੁੱਗੂ ਦੀ ਸਾਫ ਸੁਥਰੀ ਖੇਡ ਦੀ ਚਾਰੇ ਪਾਸੇ ਚਰਚਾ ਛਿੜ ਪਈ। ਅੰਕ ਲੈਣ ਲਈ ਜਾਫੀ ਨਾਲ ਥੱਪੜੋ-ਥੱਪੜੀ ਹੋਣਾ ਗੁੱਗੂ ਦੇ ਖੇਡ ਹੁਨਰ ਦਾ ਅੰਗ ਨਹੀਂ ਸਗੋਂ ਹੱਸ ਕੇ ਜਾਣਾ ਤੇ ਹੱਸ ਕੇ ਹੀ ਅੰਕ ਲੈ ਕੇ ਮੁੜਨਾ ਦਰਸ਼ਕਾਂ ਦੀ ਵਾਹ-ਵਾਹ ਕਬੂਲਣ ਲਈ ਕਾਫੀ ਹੁੰਦਾ ਹੈ। ਵਿਸ਼ਵ ਪ੍ਰਸਿੱਧ ਕਬੱਡੀ ਕੋਚ ਸੁਖਮਿੰਦਰ ਸਿੰਘ ਸੁੱਖੀ ਬਰਾੜ ਭਾਗੀਕੇ ਦੀ ਪਾਰਖੂ ਅੱਖ ਨੇ ਗੁੱਗੂ ਦੀ ਠਰੰਮੇ ਵਾਲੀ ਪਾਏਦਾਰ ਖੇਡ ਤੱਕੀ ਤਾਂ ਉਹ ਇਸ ਹੀਰੇ ਨੂੰ ਹੋਰ ਤਰਾਸ਼ਣ ਲਈ ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਕੋਟਲੀ ਥਾਨ ਸਿੰਘ (ਜਲੰਧਰ) ਲੈ ਗਏ।
ਇਸ ਕਲੱਬ ਵੱਲੋਂ ਖੈਡਦਿਆਂ ਸੁੱਖੀ ਬਰਾੜ ਦੇ ਚੰਡੇ ਗੁੱਗੂ ਨੇ ਅਜਿਹੀ ਧੁੰਮ ਮਚਾਈ ਕਿ ਪੰਜਾਬ ਦੇ ਖੇਡ ਮੇਲਿਆਂ ਚੋਂ ਮਿਲੇ ਅਨੇਕਾਂ "ਬੈਸਟ ਰੇਡਰ" ਦੇ ਸਨਮਾਨਾਂ ਦੀ ਗਿਣਤੀ ਗੁੱਗੂ ਖੁਦ ਵੀ ਭੁੱਲ ਚੁੱਕਾ ਹੈ ਪਰ ਗੁੱਗੂ ਦਾ ਕਹਿਣਾ ਹੈ ਕਿ ਪਹਿਲੀ ਵਾਰ ਇੰਗਲੈਂਡ ਤੋਂ ਪਰਤ ਕੇ ਜਾਂਦਿਆਂ ਦਾ ਜੋ ਸਨਮਾਨ ਪਿੰਡ ਦੇ ਲੋਕਾਂ ਅਤੇ ਸ਼ਹੀਦ ਊਧਮ ਸਿੰਘ ਸ਼ੋਸ਼ਲ ਵੈੱਲਫੇਅਰ ਕਲੱਬ ਹਿੰਮਤਪੁਰਾ ਨੇ ਕੀਤਾ, ਉਹ ਆਖਰੀ ਸਾਹ ਤੱਕ ਨਹੀਂ ਭੁੱਲੇਗਾ। ਇਹੀ ਸਨਮਾਨ ਉਸਨੂੰ ਅੱਗੇ ਹੋਰ ਅੱਗੇ ਵਧਣ ਲਈ ਪ੍ਰੇਰਦੇ ਹਨ। ਜ਼ਿਕਰਯੋਗ ਹੈ ਕਿ ਗੁੱਗੂ ਪਿਛਲੇ ਕਈ ਸਾਲਾਂ ਤੋਂ ਇੰਗਲੈਂਡ ਕਬੱਡੀ ਕੱਪਾਂ 'ਚ "ਜੁਰਕੇ" ਦਿਖਾਉਂਦਾ ਆ ਰਿਹਾ ਹੈ। ਜਿੱਥੇ ਗੁੱਗੂ ਦੀ ਫੁਰਤੀਲੀ ਖੇਡ ਕਰਕੇ ਉਸਦੇ ਨਾਂਅ ਨਾਲ "ਉੱਡਣਾ ਪੰਛੀ" ਵਿਸ਼ੇਸ਼ਣ ਜੋੜ ਦਿੱਤਾ ਗਿਆ ਹੈ। ਇਸ ਮਾਣਮੱਤੇ ਚੋਬਰ ਤੋਂ ਇਕੱਲੇ ਹਿੰਮਤਪੁਰੇ ਨੂੰ ਹੀ ਨਹੀਂ ਸਗੋਂ ਸਮੁਚੇ ਖੇਡ ਜਗਤ ਨੂੰ ਢੇਰ ਸਾਰੀਆਂ ਆਸਾਂ ਹਨ।
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)
ਮੋਬਾ: 0044-75191-12312

No comments:

Post a Comment