ਮਾਂ ਬੋਲੀ ਪੰਜਾਬੀ ਦੀ ਸੇਵਾ 'ਚ ਯਤਨਸ਼ੀਲ www.HIMMATPURA.com 'ਚ ਤੁਹਾਡਾ ਸਵਾਗਤ ਹੈ..

ਹਿੰਮਤਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਲਈ 460 ਡੈਸਕ ਬਣਵਾ ਕੇ ਦੇਣ ਵਾਲੇ ਪ੍ਰਵਾਸੀ ਭਾਰਤੀਆਂ ਦਾ ਸਨਮਾਨ

ਮਿੰਟੂ ਖੁਰਮੀ ਹਿੰਮਤਪੁਰਾ
ਹਿੰਮਤਪੁਰਾ- ਪੰਜਾਬ ਦੇ ਸਰਕਾਰੀ ਸਕੂਲਾਂ 'ਚ ਮੁੱਢਲੀਆਂ ਸਹੂਲਤਾਂ ਦੀ ਘਾਟ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ। ਜਿਸਦੇ ਫਲਸਰੂਪ ਹੀ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚੇ ਅੱਤ ਦੀ ਗਰਮੀ ਜਾਂ ਸਰਦੀ ਵਿੱਚ ਵੀ ਭੁੰਜੇ ਬੈਠਣ ਲਈ ਮਜਬੂਰ ਹੁੰਦੇ ਹਨ। ਇਹ ਵੀ ਜਿਕਰਯੋਗ ਹੈ ਕਿ ਸਰਕਾਰੀ ਸਕੂਲ ਵਿੱਦਿਆ ਦੇ ਮੰਦਰ ਘੱਟ ਪਰ ਗਰੀਬ ਲੋਕਾਂ ਦੇ ਸਕੂਲਾਂ ਵਜੋਂ ਵਧੇਰੇ ਜਾਣੇ ਜਾਂਦੇ ਹਨ। ਕਿਉਂਕਿ ਆਰਥਿਕ ਪੱਖੋਂ ਥੋੜ੍ਹੇ ਜਿਹੇ ਉਤਲੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੀ ਬਜਾਏ ਪ੍ਰਾਈਵੇਟ ਸਕੂਲਾਂ 'ਚ ਪੜਾਉਣਾ ਬਿਹਤਰ ਸਮਝਦੇ ਹਨ ਜਿਸਦੀ ਇੱਕ ਵਜ੍ਹਾ ਸਹੂਲਤਾਂ ਦੀ ਘਾਟ ਵੀ ਹੋ ਸਕਦੀ ਹੈ। ਸਹੂਲਤਾਂ ਦੀ ਘਾਟ ਪ੍ਰਾਈਵੇਟ ਸਕੂਲਾਂ ਦੇ ਮੁਕਾਬਲਤਨ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਮਨਾਂ ਵਿੱਚ ਹੀਣ ਭਾਵਨਾ ਦਾ ਕਾਰਨ ਵੀ ਬਣ ਸਕਦੀ ਹੈ, ਇਸੇ ਪੱਖ ਤੋਂ ਸੋਚਦਿਆਂ ਪਿੰਡ ਹਿੰਮਤਪੁਰਾ ਦੇ ਪ੍ਰਵਾਸੀ ਭਾਰਤੀਆਂ ਵੱਲੋਂ ਸ਼ਹੀਦ ਊਧਮ ਸਿੰਘ ਸ਼ੋਸਲ ਵੈੱਲਫੇਅਰ ਕਲੱਬ {ਰਜਿ:} ਹਿੰਮਤਪੁਰਾ ਦੇ ਵਿਸ਼ੇਸ਼ ਸਹਿਯੋਗ ਨਾਲ ਪਿੰਡ ਦੇ ਸਰਕਾਰੀ ਸਕੂਲਾਂ ਨੂੰ ਮੁੱਢਲੀਆਂ ਸਹੂਲਤਾਂ ਨਾਲ 'ਸ਼ਿੰਗਾਰਨ' ਦੇ ਲਏ ਅਹਿਦ ਦੇ ਪਹਿਲੇ ਪੜਾਅ ਵਜੋਂ ਦੋਵੇਂ ਪ੍ਰਾਇਮਰੀ {ਅੰਦਰਲੇ ਤੇ ਬਾਹਰਲੇ} ਸਕੂਲਾਂ ਦੇ ਬੱਚਿਆਂ ਲਈ 460 ਡੈਸਕ ਬਣਵਾ ਕੇ ਦਿੱਤੇ ਜਾਣ ਦਾ ਸ਼ਲਾਘਾਯੋਗ ਉੱਦਮ ਕੀਤਾ ਹੈ। ਇਸ ਉੱਦਮ ਲਈ ਆਪਣੀ ਮਿਹਨਤ ਮੁਸ਼ੱਕਤ ਦੀ ਕਮਾਈ 'ਚੋਂ ਬਣਦਾ ਹਿੱਸਾ ਪਾਉਣ ਵਾਲੇ ਪ੍ਰਵਾਸੀ ਭਾਰਤੀਆਂ ਦੇ ਪਰਿਵਾਰਾਂ ਦੇ ਸਨਮਾਨ ਹਿਤ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਾਬਕਾ ਸਰਪੰਚ ਗੁਰਨਾਮ ਸਿੰਘ ਯੂ.ਐੱਸ.ਏ., ਮੇਜਰ ਸਿੰਘ ਯੂ.ਐੱਸ.ਏ.,ਦੇਸ ਰਾਜ ਸੱਘੜ ਆਸਟ੍ਰੇਲੀਆ,ਬੂਟਾ ਸਿੰਘ ਡੈਨਮਾਰਕ, ਮਨਦੀਪ ਖੁਰਮੀ ਹਿੰਮਤਪੁਰਾ ਇੰਗਲੈਂਡ ਆਦਿ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਪਿੰਡ ਪੱਧਰ ਦੇ ਭਾਈਚਾਰੇ ਨੂੰ ਘਟੀਆ ਰਾਜਨੀਤੀ ਤੋਂ ਬਚਾਉਣ ਦਾ ਸੁਨੇਹਾ ਦਿੰਦਿਆਂ ਸਾਬਕਾ ਸਰਪੰਚ ਗੁਰਨਾਮ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਉੱਪਰਲੀਆਂ ਸਰਕਾਰਾਂ ਨੂੰ ਤਾਂ ਆਪੋ ਆਪਣੇ ਕਾਟੋ ਕਲੇਸ਼ ਤੋਂ ਹੀ ਵਿਹਲ ਨਹੀਂ ਹੈ, ਇਸ ਲਈ ਪਿੰਡ ਦੇ ਲੋਕਾਂ ਦੀ ਚੁਣੀ ਹੋਈ 'ਸਰਕਾਰ' ਪੰਚਾਇਤ ਨੂੰ ਚਾਹੀਦਾ ਹੈ ਕਿ ਉਹ ਆਪਸੀ ਰੋਸੇ-ਗਿਲੇ ਪਾਸੇ ਰੱਖ ਕੇ ਪਿੰਡ ਦੇ ਸਕੂਲਾਂ 'ਚ ਸਹੂਲਤਾਂ ਦਾ ਪੱਧਰ ਉੱਚਾ ਚੁੱਕਣ ਦੇ ਵਿੱਢੇ ਕਾਰਜਾਂ ਵਿੱਚ ਸਹਿਯੋਗ ਦੇਵੇ। ਉਹਨਾਂ ਯਕੀਨ ਦਿਵਾਉਂਦਿਆਂ ਕਿਹਾ ਕਿ ਪ੍ਰਦੇਸੀਂ ਵਸੇ ਹਿੰਮਤਪੁਰੀਆਂ ਦੀ ਤਰਫੋਂ ਉਹ ਵਾਅਦਾ ਕਰਦੇ ਹਨ ਕਿ ਕਿਸੇ ਵੀ ਅਗਾਂਹਵਧੂ ਕਾਰਜ ਲਈ ਆਰਥਿਕ ਸਹਾਇਤਾ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ, ਬਸ਼ਰਤੇ ਕਿ ਪਿੰਡ ਵਿੱਚ ਭਾਈਚਾਰਾ ਰਾਜਨੀਤੀ ਤੋਂ ਉੱਪਰ ਉੱਠ ਕੇ ਕਾਇਮ ਰਹਿਣਾ ਚਾਹੀਦਾ ਹੈ। ਸਮਾਗਮ ਦੌਰਾਨ ਕਲੱਬ ਪ੍ਰਧਾਨ ਹਰਪਾਲ ਸਿੰਘ, ਸਕੱਤਰ ਮਾ: ਜਸਵਿੰਦਰ ਸਿੰਘ ਜੱਸੀ, ਮਾ: ਹਰਦੀਪ ਸਿੰਘ ਹੈਪੀ, ਡਾ: ਜਗਸੀਰ ਸਿੰਘ ਪੋਜੂਕਾ,ਕਮਲਜੀਤ ਸਿੰਘ ਖੁਰਮੀ, ਵੀਰਪਾਲ ਸਿੰਘ, ਗੁਰਦੀਪ ਸਿੰਘ ਈਨਾ,ਸਰਪੰਚ ਦਰਸ਼ਨ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ, ਅਕਾਲੀ ਆਗੂ ਜਗਸੀਰ ਸਿੰਘ, ਮਾ: ਰਣਦੀਪ ਸਿੰਘ ਢਿੱਲੋਂ, ਜਗਸੀਰ ਸਿੰਘ {ਡੇਅਰੀ ਵਾਲੇ}, ਸੁਖਮੰਦਰ ਸਿੰਘ ਈਨਾ, ਸੋਹਣ ਸਿੰਘ, ਜਗਦੀਸ਼ ਚੰਦ ਟੋਨੀ, ਪੰਡਿਤ ਚਮਕੌਰ ਚੰਦ,ਡਾ: ਲਾਭ ਸਿੰਘ, ਸਾਬਕਾ ਸਰਪੰਚ ਪਿਆਰਾ ਸਿੰਘ ਭੰਗੂ, ਆਤਮਾ ਸਿੰਘ, ਅਮਰਜੀਤ ਸਿੰਘ, ਮਾ: ਰਣਵਿੰਦਰ ਸਿੰਘ, ਅਜਮੇਰ ਸਿੰਘ, ਕਿ੍ਸ਼ਨ ਕੁਮਾਰ, ਚਰਨਜੀਤ ਕੌਰ, ਗੁਰਪ੍ਰੀਤ ਕੌਰ, ਨਵਦੀਪ ਕੌਰ, ਵੀਰਪਾਲ ਕੌਰ ਆਦਿ ਸਮੇਤ ਭਾਰੀ ਗਿਣਤੀ ਵਿੱਚ ਨਗਰ ਨਿਵਾਸੀਆਂ ਨੇ ਵੀ ਸ਼ਿਰਕਤ ਕੀਤੀ।
ਫੋਟੋ: ਪੱਤਰਕਾਰ ਰਣਜੀਤ ਬਾਵਾ

No comments:

Post a Comment